logo

ਸਬ ਡਵੀਜਨ ਤਪਾ ਅਧੀਨ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਮੀਟਿੰਗ

ਡਿਪਟੀ ਕਮਿਸ਼ਨਰ, ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜਨ ਤਪਾ ਅਧੀਨ ਪੈਂਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਮੀਟਿੰਗ ਸ੍ਰੀਮਤੀ ਪੂਨਮਪ੍ਰੀਤ ਕੌਰ ਉੱਪ ਮੰਡਲ ਮੈਜਿਸਟਰੇਟ, ਤਪਾ ਵੱਲੋਂ ਤਹਿਸੀਲਦਾਰ ਤਪਾ, ਸਕੱਤਰ ਮਾਰਕੀਟ ਕਮੇਟੀ ਤਪਾ/ਭਦੌੜ ਤੋਂ ਇਲਾਵਾ ਫੂਡ ਸਪਲਾਈ ਵਿਭਾਗ, ਪਨਗਰੇਨ, ਮਾਰਕਫੈੱਡ, ਵੇਅਰ ਹਾਊਸ, ਪਨਸਪ ਤਪਾ/ਭਦੌੜ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਮੂਹ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਸਮੇਂ ਸਿਰ ਮੰਡੀਆਂ ਵਿੱਚ ਜਾ ਕੇ ਕਣਕ ਦੀ ਬੋਲੀ ਲਗਵਾਈ ਜਾਵੇ ਅਤੇ ਲਿਫਟਿੰਗ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਲੇਬਰ ਅਤੇ ਪੂਰੇ ਟਰੱਕ ਨਾ ਮਿਲਣ ਕਾਰਨ ਖਰੀਦ ਏਜੰਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਟਿੰਗ ਉਪਰੰਤ ਉੱਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਪੂਨਮਪ੍ਰੀਤ ਕੌਰ ਵੱਲੋਂ ਅਨਾਜ ਮੰਡੀ ਤਪਾ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਕਣਕ ਦੀਆਂ ਕੁਝ ਢੇਰੀਆਂ ਦੀ ਨਮੀ ਵੀ ਚੈੱਕ ਕੀਤੀ ਗਈ,ਸਹੀ ਪਾਈਆਂ ਗਈਆਂ ਢੇਰੀਆਂ ਦੀ ਬੋਲੀ ਲਗਾਉਣ ਸਬੰਧੀ ਹਦਾਇਤ ਕੀਤੀ ਗਈ। ਜਿਆਦਾ ਨਮੀ ਵਾਲੀਆਂ ਢੇਰੀਆ ਨੂੰ ਖਿਲਾਰ ਕੇ ਰੱਖਣ ਸਬੰਧੀ ਸਬੰਧਤ ਆੜਤੀਆਂ ਨੂੰ ਹਦਾਇਤ ਕੀਤੀ ਗਈ। ਇਸ ਉਪਰੰਤ ਮਾਰਕੀਟ ਕਮੇਟੀ ਤਪਾ ਦੇ ਦਫ਼ਤਰ ਵਿੱਚ ਉੱਪ ਕਪਤਾਨ ਪੁਲਿਸ ਤਪਾ ਦੀ ਹਾਜਰੀ ਵਿੱਚ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ, ਪ੍ਰਧਾਨ ਟਰੱਕ ਯੂਨੀਅਨ ਤਪਾ, ਚੇਅਰਮੈਨ ਮਾਰਕੀਟ ਕਮੇਟੀ ਤਪਾ ਨਾਲ ਉਕਤ ਆ ਰਹੀਆ ਦਿੱਕਤਾਂ ਬਾਰੇ ਮੀਟਿੰਗ ਕੀਤੀ ਗਈ। ਇਸ ਸਬੰਧੀ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਮੰਡੀਆ ਵਿੱਚੋਂ ਕਣਕ ਦੀ ਲਿਫਟਿੰਗ ਸਬੰਧੀ ਟਰੱਕਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਟਰੱਕ ਡਰਾਈਵਰਾਂ ਨੂੰ ਕਣਕ ਦੀ ਚੁਕਾਈ ਤੋਂ ਬਾਅਦ ਕੰਡੇ ਉੱਪਰ ਤਲਾਈ ਸਮੇਂ ਇੱਕ ਹੀ ਕੰਡਾ ਹੋਣ ਕਰਕੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਏਜੰਸੀ ਦੇ ਇੰਸਪੈਕਟਰ ਨੂੰ ਹਦਾਇਤ ਕਰਕੇ ਇੱਕ ਹੋਰ ਕੰਡਾ ਤੁਰੰਤ ਚਾਲੂ ਕਰਵਾਇਆ ਗਿਆ। ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਲੇਬਰ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉੱਪ ਕਪਤਾਨ ਪੁਲਿਸ ਤਪਾ ਵੱਲੋਂ ਦੱਸਿਆ ਗਿਆ ਕਿ ਮੰਡੀਆਂ ਵਿੱਚ ਸਕਿਊਰਿਟੀ ਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਪੁਲਿਸ ਵਿਭਾਗ ਵੱਲੋਂ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਅੰਤ ਵਿੱਚ ਉੱਪ ਮੰਡਲ ਮੈਜਿਸਟਰੇਟ ਤਪਾ ਵੱਲੋਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਬਿਲਕੁੱਲ ਸੁੱਕੀ ਕਣਕ ਦੀ ਕਟਾਈ ਕਰਨ ਉਪਰੰਤ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਖਰੀਦ ਸਮੇਂ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

3
891 views